ਪੰਜਾਬੀ ਕਾਵਿ ਜਗਤ ਵਿਚ ਬ੍ਰਿਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ ਉਹ ਮੁਕਾਮ ਹਾਸਲ ਕੀਤਾ ਜੋ ਸ਼ਾਇਦ ਹੋਰ ਕਿਸੇ ਆਧੁਨਿਕ ਸ਼ਾਇਰ ਦੇ ਹਿੱਸੇ ਨਹੀਂ ਆਇਆ। ਸ਼ਿਵ ਨੂੰ ਬਤੌਰ ਸ਼ਾਇਰ ਪੰਜਾਬੀਆਂ ਦਾ ਸਭ ਤੋਂ ਵੱਧ ਪਿਆਰ ਮਿਲਿਆ। ਉਸ ਨੇ ਆਪਣੀ ਸ਼ਾਇਰੀ ਵਿਚ ਸ਼ਬਦਾਂ ਦੀ ਅਜਿਹੀ ਜੜਤ ਬਿਠਾਈ ਕਿ ਇਹ ਸ਼ਾਇਰੀ ਪੰਜਾਬੀ ਸਭਿਆਚਾਰ ਦਾ ਆਈਨਾ ਹੋ ਨਿਬੜੀ। ਉਸ ਦੀ ਸ਼ਾਇਰੀ ਵਿਚ ਆਏ ਸਭਿਆਚਾਰਕ ਬਿੰਬਾਂ ਬਾਰੇ ਖੋਜ ਕਰ-ਕਰ ਕੇ ਕਿੰਨੇ ਹੀ ਵਿਦਿਆਰਥੀ ਡਾਕਟਰ ਬਣ ਗਏ। ਇਹ ਇਸ ਸ਼ਾਇਰੀ ਦੇ ਸ਼ਬਦਾਂ ਦੀ ਹੀ ਤਾਕਤ ਸੀ ਕਿ ਇਨ੍ਹਾਂ ਸ਼ਬਦਾਂ ਨੂੰ ਸੁਰ ਵੀ ਸਿਰੇ ਦੇ ਮਿਲੇ। ਇਨ੍ਹਾਂ ਸੁਰਾਂ ਦੀ ਤਾਲ ਇਤਨੀ ਸਿਰ ਚੜ੍ਹ ਬੋਲਦੀ ਹੈ ਕਿ ਉਸ ਦੇ ਕਈ ਗੀਤ ਤਾਂ ਅੱਜ ਤੱਕ ਸਰੋਤਿਆਂ ਨੂੰ ਲੋਕ ਗੀਤ ਹੋਣ ਦਾ ਭੁਲੇਖਾ ਪਾਉਂਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਪਤਨੀ ਅਰੁਣਾ ਬਟਾਲਵੀ ਜੋ ਸ਼ਿਕਾਗੋ ਏਰੀਏ ਵਿਚ ਵਸਦੀ ਆਪਣੀ ਧੀ ਪੂਜਾ ਪਾਸ ਆਏ ਹੋਏ ਸਨ, ਪੰਜਾਬ ਟਾਈਮਜ਼ ਦੇ ਦਫਤਰ ਮਿਲਣ-ਗਿਲਣ ਲਈ ਆਏ| ਸ਼ਿਵ ਦੀਆਂ ਗੱਲਾਂ ਹੋਣੀਆਂ ਤਾਂ ਸੁਭਾਵਿਕ ਹੀ ਸਨ; ਜਦੋਂ ਸੁਰਿੰਦਰ ਸਿੰਘ ਭਾਟੀਆ ਸ਼ਿਵ ਨਾਲ ਬਿਤਾਏ ਉਨ੍ਹਾਂ ਦੇ ਦਿਨਾਂ ਦੀਆਂ ਯਾਦਾਂ ਨੋਟ ਕਰਨ ਲੱਗੇ ਤਾਂ ਉਹ ਝੱਟ ਬੋਲੇ, ‘ਨਹੀਂ ਬਈ, ਇੰਟਰਵਿਊ ਨਹੀਂ। ਮੈਂ ਤਾਂ ਸਿਰਫ ਪਰਿਵਾਰਕ ਤੌਰ ‘ਤੇ ਮਿਲਣ ਆਈ ਹਾਂ|’ ਜਦੋਂ ਅਸੀਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਰਗੇ ਹੋਰ ਕਿੰਨੇ ਹੀ ਪਾਠਕ ਤੇ ਪ੍ਰਸ਼ੰਸਕ ਹੋਣਗੇ ਜੋ ਆਪਣੇ ਮਹਿਬੂਬ ਸ਼ਾਇਰ ਬਾਰੇ ਹੋਰ ਜਾਣਨ ਲਈ ਉਤਸੁਕ ਹੋਣਗੇ ਤਾਂ ਉਹ ਮੁਸਕਰਾ ਪਏ। ਪੇਸ਼ ਹਨ ਉਨ੍ਹਾਂ ਨਾਲ ਸਹਿਜ-ਸੁਭਾਅ ਹੋਈਆਂ ਕੁਝ ਗੱਲਾਂ। –
ਸ਼ਿਵ ਸ਼ਾਇਰੀ ਕੁਝ ਖਾਸ ਪਲਾਂ ‘ਚ ਕਰਦੇ ਸਨ ਜਿਵੇਂ ਬਹੁਤ ਸਾਰੇ ਲੇਖਕ ਕਰਦੇ ਹਨ ਜਾਂ ਫਿਰ?
-ਨਹੀਂ, ਸ਼ਿਵ ਤਾਂ ਮੇਰੇ, ਮੇਰੇ ਬੱਚਿਆਂ ਸਾਹਮਣੇ ਬੈਠ ਕੇ ਵੀ ਲਿਖ ਲੈਂਦੇ। ਬੱਚੇ ਖੇਡਦੇ ਰਹਿੰਦੇ, ਪੂਰਾ ਰੌਲਾ ਪਿਆ ਹੁੰਦਾ ਤਾਂ ਵੀ ਉਹ ਲਿਖਦੇ ਰਹਿੰਦੇ ਸਨ। ਕਈ ਵਾਰ ਤਾਂ ਬੱਸ ਵਿਚ ਬੈਠੇ ਵੀ ਲਿਖ ਲਿਆ ਕਰਦੇ ਸਨ ਪਰ ਉਹ ਲਿਖਦੇ ਸਮੇਂ ਨਾਲ-ਨਾਲ ਗੁਣਗੁਣਾਉਂਦੇ ਜ਼ਰੂਰ ਸਨ|… (ਹੱਸਦੇ ਹੋਏ) ਇਕ ਵਾਰੀ ਸ਼ਿਵ ਤੇ ਮੈਂ ਰਾਤ ਨੂੰ ਖੁੱਲ੍ਹੇ ਅਸਮਾਨ ਥੱਲੇ ਮੰਜੇ ‘ਤੇ ਬੈਠੇ ਤਾਰਿਆਂ ਵੱਲ ਵੇਖ ਰਹੇ ਸਾਂ … ਤੇ ਸ਼ਿਵ ‘ਤਾਰਾ ਤਾਰਾ’ ਕਵਿਤਾ ਰਚਣ ਲੱਗ ਪਏ। ਅਚਾਨਕ ਮੰਜਾ ਟੁੱਟ ਗਿਆ, ਦੋਵੇਂ ਧੜੱਮ ਕਰ ਕੇ ਥੱਲੇ…! ਡਿੱਗਿਆਂ ਪਿਆਂ ਹੀ ਮੈਨੂੰ ਗਲਵਕੜੀ ਵਿਚ ਲੈ ਕੇ ਕਲਪਨਾ ਵਿਚ ਗੁਆਚ ਗਏ। ਇੰਜ ਪਿਆਂ ਹੀ ਕਵਿਤਾ ਪੂਰੀ ਕਰ ਦਿੱਤੀ; ਪੂਰੀ ਹੀ ਨਹੀਂ ਕੀਤੀ ਸਗੋਂ ਤਰੰਨੁਮ ਵਿਚ ਗਾ ਕੇ ਸੁਣਾ ਵੀ ਦਿੱਤੀ। ਇਕ ਵਾਰ ਰੇਡੀਓ ਡਾਇਰੈਕਟਰ ਬੀ.ਐਨ. ਵਾਲੀਆ ਦਾ ਫੋਨ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ‘ਤੇ ਕੁਝ ਲਿਖ ਦਿਉ, ਤਾਂ ਬਸ ਵਿਚ ਸਫਰ ਦੌਰਾਨ ਅਖਬਾਰ ਦੇ ਹਾਸ਼ੀਏ ‘ਤੇ ਕਵਿਤਾ ਪੂਰੀ ਕਰ ਦਿੱਤੀ।
‘ਅੱਧੀ ਅੱਧੀ ਰਾਤੀਂ ਮੇਰੇ ਗੀਤਾਂ ਦੇ ਨੈਣਾਂ ਵਿਚ, ਬ੍ਰਿਹਾ ਦੀ ਰੜਕ ਪਵੇ’ ਜਿਹੇ ਗੀਤ ਸੁਣ ਕੇ ਪ੍ਰਸ਼ੰਸਕਾਂ ਤੇ ਪਾਠਕਾਂ ਵਿਚ ਇਹ ਚਰਚਾ ਆਮ ਰਹੀ ਹੈ ਕਿ ਉਨ੍ਹਾਂ ਨੂੰ ਇਸ਼ਕ ਵਿਚ ਕੋਈ ਚੋਟ ਲੱਗੀ…
-ਵਿਆਹ ਤੋਂ ਬਾਅਦ ਸਾਡਾ ਰਿਸ਼ਤਾ ਬੜਾ ਸੁਹਾਵਣਾ ਤੇ ਨਿੱਘਾ ਰਿਹਾ। ਵਿਆਹ ਤੋਂ ਪਹਿਲਾਂ ਬਾਰੇ ਮੈਂ ਕਦੀ ਪੁੱਛਿਆ ਨਹੀਂ ਸੀ। ਕਈ ਲੋਕ ਤਾਂ ਹੱਦੋਂ ਪਾਰ ਜਾ ਕੇ ਗੱਲਾਂ ਕਰੀ ਜਾਂਦੇ ਹਨ। ਸ਼ਿਵ ਨੇ ਆਪਣੀ ਕਾਵਿ ਉਡਾਰੀ ਨਾਲ ਹੀ ਸਭ ਕੁਝ ਲਿਖਿਆ। ਉਨ੍ਹਾਂ ਦੇ ਗੀਤ ਤਾਂ ਲੋਕ ਸੁਣਦੇ ਸਨ ਪਰ ਉਨ੍ਹਾਂ ਨੂੰ ਸਮਝਣ ਦੀ ਲੋੜ ਕਿਸੇ ਨੇ ਹੀ ਨਹੀਂ ਸਮਝੀ। ਸ਼ਿਵ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ|… ਫਿਰ ਬੀ.ਬੀ.ਸੀ. ਨਾਲ ਇਕ ਮੁਲਾਕਾਤ ਵਿਚ ਉਨ੍ਹਾਂ ਖੁਦ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਚੋਟ ਕਰ ਕੇ ਨਹੀਂ ਕੀਤੀ ਇਹ ਸ਼ਾਇਰੀ। ਦਰਅਸਲ ਕੁੜੀਆਂ ਸ਼ਿਵ ਦੀ ਸ਼ਾਇਰੀ ਨੂੰ ਪਿਆਰ ਕਰਦੀਆਂ ਸਨ ਤੇ ਉਹ (ਸ਼ਿਵ) ਮੋਮ ਦਿਲ ਸਨ। ਉਹ ਕਿਸੇ ਦਾ ਦਿਲ ਨਹੀਂ ਸੀ ਦੁਖਾਉਂਦੇ| ਵੈਸੇ ਵੀ ਹਰ ਸੈਲੀਬ੍ਰਿਟੀ ਨਾਲ ਇਸੇ ਤਰ੍ਹਾਂ ਹੁੰਦਾ ਹੈ। ਕੋਣ ਨਹੀਂ ਜਾਣਦਾ ਕਿ ਫਿਲਮ ਕਲਾਕਾਰਾਂ-ਰਾਜ ਕੁਮਾਰ, ਰਾਜੇਸ਼ ਖੰਨਾ ਅਤੇ ਧਰਮਿੰਦਰ ਨਾਲ ਅਜਿਹਾ ਸਭ ਕੁਝ ਹੋਇਆ। ਚੰਚਲ ਕੁੜੀਆਂ ਖੂਨ ਨਾਲ ਖਤ ਲਿਖਣਗੀਆਂ, ਕਲਪਨਾ ਦੀਆਂ ਗੱਲਾਂ ਕਰਨਗੀਆਂ ਪਰ ਹਕੀਕਤ ਵਿਚ ਜੀਣਾ, ਸਾਥੀ ਬਣਨਾ ਤੇ ਜ਼ਿੰਮੇਵਾਰੀ ਨਿਭਾਉਣੀ ਹੋਰ ਗੱਲ ਹੈ।
ਸਾਨੂੰ ਆਪਣੇ ਵੱਲ ਬੜੇ ਗਹੁ ਨਾਲ ਤੱਕਦਿਆਂ ਅਰੁਣਾ ਜੀ ਥੋੜ੍ਹਾ ਮੁਸਕਰਾਏ ਤੇ ਫਿਰ ਕਹਿਣ ਲੱਗੇ, ਕੋਈ ਕੁੜੀ ਮੇਰੇ ਕੋਲ ਆਈ ਤੇ ਕਹਿਣ ਲੱਗੀ, ‘ਮੈਂ ਸ਼ਿਵ ਨਾਲ ਵਿਆਹ ਕਰਾਉਣ ਲੱਗੀ ਸੀ।’ ਮੈਂ ਕਿਹਾ, ‘ਫਿਰ ਕਰਵਾਇਆ ਕਿਉਂ ਨਹੀਂ?’ ਕਹਿਣ ਲੱਗੀ, ‘ਮੈਂ ਭੁੱਖੇ ਮਰਨਾ ਸੀ? ਸੁਣਿਆਂ… ਸ਼ਾਇਰਾਂ ਦੇ ਪੱਲੇ ਤਾਂ ਕੁਝ ਵੀ ਨਹੀਂ ਹੁੰਦਾ।’ ਬੱਸ ਇਸੇ ਤਰ੍ਹਾਂ ਦੇ ਹੁੰਦੇ ਨੇ ਇਹ ਫੈਨ…।
ਇਕ ਵਾਰ ਚੰਡੀਗੜ੍ਹ ਤੋਂ ਆਏ ਕੁਝ ਲੋਕ ਕਹਿਣ ਲੱਗੇ, ‘ਸ਼ਿਵ, ਬ੍ਰਿਹਾ ਲਿਖ ਰਹੇ ਹੋ, ਡਾਢੀ ਚੋਟ ਲੱਗੀ ਜਾਪਦੀ ਹੈ?’ ਸ਼ਿਵ ਮੈਨੂੰ ਜੱਫੀ ਪਾ ਕੇ ਕਹਿਣ ਲੱਗੇ, ‘ਵਿਆਹ ਹੋਇਆ ਹੈ, ਇਹ ਮੇਰੇ ਕੋਲ ਹੈ। ਫਿਰ ਬ੍ਰਿਹਾ ਕਾਹਦਾ ਤੇ ਚੋਟ ਕਾਹਦੀ?’ ਸ਼ਿਵ ‘ਅੱਧੀ ਅੱਧੀ ਰਾਤੀਂ ਮੇਰੇ ਗੀਤਾਂ ਦੇ ਨੈਣਾਂ ਵਿਚ ਬ੍ਰਿਹਾ ਦੀ ਰੜਕ ਪਵੇ’ ਲਿਖ ਰਹੇ ਸਨ ਤਾਂ ਉਹ ਵੀ ਮੇਰੇ ਸਾਹਮਣੇ ਹੀ ਲਿਖ ਰਹੇ ਸਨ। ਸ਼ਿਵ ਦਾ ਮਨਮੋਹਨ ਦੀਪਕ ਨਾਲ ਬਹੁਤ ਪਿਆਰ ਸੀ| ਇੱਕ ਵਾਰ ਅਸੀਂ ਉਹਨੂੰ ਮਿਲਣ ਗਏ। ਸ਼ਾਇਰਾਂ ਦੀ ਮਹਿਫਲ ਜੰਮੀ ਹੋਈ ਸੀ। ਦੀਪਕ ਬੋਲੇ, ‘ਯਾਰ ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ…ਗੁੰਮ ਹੈ…ਸੁਣਾ ਤਾਂ ਮੇਰੇ ਵੱਲ ਇਸ਼ਾਰਾ ਕਰ ਕੇ ਸ਼ਿਵ ਕਹਿਣ ਲੱਗੇ, ‘ਉਹ ਕੁੜੀ ਤਾਂ ਮਿਲ ਗਈ ਹੈ, ਅਹੁ ਸਾਹਮਣੇ ਬੈਠੀ ਹੈ।’
ਲੋਕ ਭਾਵੇਂ ਕੁਝ ਕਹੀ ਜਾਣ…ਕੋਈ ਸਦਮਾ ਨਹੀਂ ਸੀ। ਸਦਮਾ ਤਾਂ ਦੁਨੀਆਂ ਵਿਚ ਕਈਆਂ ਨੂੰ ਲਗਦਾ ਹੈ, ਸਾਰੇ ਸ਼ਾਇਰ ਤਾਂ ਨਹੀਂ ਬਣ ਜਾਂਦੇ? ਸਾਰੇ ਸ਼ਿਵ ਨਹੀਂ ਬਣ ਜਾਂਦੇ? ਮੈਨੂੰ ਸ਼ਿਵ ਦੇ ਤੁਰ ਜਾਣ ਦਾ ਬਹੁਤ ਵੱਡਾ ਸਦਮਾ ਲੱਗਾ, ਮੈਂ ਨਹੀਂ ਸ਼ਾਇਰ ਬਣ ਗਈ? (ਥੋੜ੍ਹਾ ਗੰਭੀਰ ਹੁੰਦੇ ਹੋਏ) ਹੁਣ ਕਦੀ-ਕਦੀ ਦਿਲ ਕਰਦੈ, ਸ਼ਿਵ ਬਾਰੇ ਗੁੰਮਰਾਹਕੁਨ ਗੱਲਾਂ ਬਾਰੇ ਲਿਖਾਂ ਤੇ ਸੱਚਾਈ ਲੋਕਾਂ ਸਾਹਮਣੇ ਲਿਆਵਾਂ।
(ਹਉਕਾ ਭਰਦਿਆਂ) ਉਦਾਂ ਮੈਨੂੰ ਤਸੱਲੀ ਸੀ, ਸ਼ਿਵ ਸਿਰਫ ਮੇਰਾ ਹੈ। ਮੈਂ ਹੀ ਉਹਦੇ ਬੱਚਿਆਂ ਦੀ ਮਾਂ ਹਾਂ। ਜੇ ਕੁੜੀਆਂ ਮਰਦੀਆਂ ਸਨ ਤਾਂ ਮਰੀ ਜਾਣ। ਕੁੜੀਆਂ ਸ਼ਾਇਰੀ ‘ਤੇ ਮਰਦੀਆਂ ਸਨ, ਮਰੀ ਜਾਣ। ਉਸ ਦੀ ਪਤਨੀ ਸਿਰਫ ਮੈਂ ਸੀ। ਬੇਟੀ ਪੂਜਾ ਤੇ ਬੇਟਾ ਮਿਹਰਬਾਨ ਸਾਡੇ-ਸ਼ਿਵ ਤੇ ਅਰੁਣਾ ਦੇ ਹੀ ਹੋਣਹਾਰ ਬੱਚੇ ਹਨ| ਸ਼ਿਵ ਠਰ੍ਹੰਮੇ ਵਾਲਾ ਇਨਸਾਨ ਸੀ। ਸਾਦਗੀ ਤੇ ਇਨਸਾਨੀਅਤ ਦੀ ਮੂਰਤ। ਲੋਕ ਸ਼ਿਵ ਬਾਰੇ ਬਹੁਤਾ ਨਹੀਂ ਜਾਣਦੇ, ਬਸ ਇਧਰੋਂ-ਉਧਰੋਂ ਪੜ੍ਹ-ਸੁਣ ਕੇ ਉਸ ਦੀ ਸ਼ਖਸੀਅਤ ਬਾਰੇ ਅੰਦਾਜ਼ਾ ਲਾ ਲੈਂਦੇ ਹਨ| ਸੁਣੀਆਂ-ਸੁਣਾਈਆਂ ਗੱਲਾਂ ਕਰੀ ਜਾਂਦੇ ਹਨ ਤੇ ਕੁਝ ਕੋਲੋਂ ਵੀ ਜੋੜ ਲੈਂਦੇ ਹਨ|
ਜਦੋਂ ਤੁਹਾਡਾ ਵਿਆਹ ਹੋਇਆ, ਤੁਸੀਂ ਸ਼ਿਵ ਦੀਆਂ ਰਚਨਾਵਾਂ ਪੜ੍ਹੀਆਂ ਹੋਈਆਂ ਸਨ, ਜਾਂ ਕਦੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ?
-ਸ਼ਿਵ ਦੀਆਂ ਇਕ-ਦੋ ਕਵਿਤਾਵਾਂ ਸਰਸਰੀ ਪੜ੍ਹੀਆਂ ਸਨ ਪਰ ਸ਼ਿਵ ਦੇ ਮਸ਼ਹੂਰ ਸ਼ਾਇਰ ਹੋਣ ਬਾਰੇ ਪਤਾ ਨਹੀ ਸੀ। ‘ਲੂਣਾ’ ਨਹੀਂ ਸੀ ਪੜ੍ਹੀ, ਨਾ ਹੀ ਪਹਿਲਾਂ ਕਦੀ ਸ਼ਿਵ ਨੂੰ ਦੇਖਿਆ ਸੀ| ਜਦੋਂ ਪਿੰਡ ਵਿਚ ਵਿਆਹ-ਸ਼ਾਦੀ ਹੁੰਦੇ ਤਾਂ ਤਵੇ ਵਾਲੇ ਵਾਜਿਆਂ ‘ਤੇ ਵੱਜਦੇ ਸ਼ਿਵ ਦੇ ਗੀਤ ਸੁਣੇ ਸਨ। ਇਨ੍ਹਾਂ ਗੀਤਾਂ ਨੂੰ ਮੈਂ ਲੋਕ ਗੀਤ ਹੀ ਸਮਝਦੀ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਤਾਂ ਸ਼ਿਵ ਦੇ ਲਿਖੇ ਹੋਏ ਹਨ। ਢੋਲਕੀ ਦੀ ਥਾਪ ‘ਤੇ ਸੁਰਿੰਦਰ ਕੌਰ ਦੇ ਗੀਤ, ‘ਇਕ ਮੇਰੀ ਅੱਖ ਕਾਸ਼ਣੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’, ‘ਅੱਖਾਂ ਵਿਚ ਪਾਵਾਂ ਕਿਵੇਂ ਕਜਲਾ, ਵੇ ਅੱਖੀਆਂ ‘ਚ ਤੂੰ ਵਸਦਾ’ ਤੇ ‘ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ’ ਗਾਉਂਦੇ, ਨੱਚਦੇ, ਟੱਪਦੇ ਪਰ ਇਹ ਨਹੀਂ ਸੀ ਪਤਾ ਕਿ ਗੀਤ ਸ਼ਿਵ ਦੇ ਲਿਖੇ ਹੋਏ ਹਨ। ਕਦੀ ਇਹ ਨਹੀਂ ਸੀ ਸੋਚਿਆ ਕਿ ਕਿਸੇ ਦਿਨ ਮੈਂ ਇਹ ਗੀਤ ਲਿਖਣ ਵਾਲੇ ਦੀ ਹੀਰ ਬਣ ਜਾਣਾ ਹੈ, ਉਸ ਦੇ ਇਸ਼ਕ ਦਾ ਕੱਜਲ ਮੈਂ ਹੀ ਅੱਖਾਂ ਵਿਚ ਪਾਉਣਾ ਹੈ।
(ਥੋੜ੍ਹਾ ਮੁਸਕਰਾਉਂਦੇ ਹੋਏ) ਦਿਲਸਚਪ ਗੱਲ ਇਹ ਹੈ ਕਿ ਜਦੋਂ ਸ਼ਿਵ ਤੇ ਉਸ ਦੇ ਪਰਿਵਾਰ ਵਾਲੇ ਮੈਨੂੰ ਵੇਖਣ ਆਏ ਤਾਂ ਮੈਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਸੀ। ਬੱਸ ਘਰ ਆਏ ਮਹਿਮਾਨ ਹੀ ਸਮਝੇ ਸਨ। ਉਪਰੋਂ ਉਸ ਦਿਨ ਮੈਨੂੰ ਬਹੁਤ ਤੇਜ਼ ਬੁਖਾਰ ਵੀ ਸੀ। ਮੈਂ ਕੰਬਲ ਦੀ ਬੁੱਕਲ ਮਾਰੀ ਬੈਠੀ ਸਾਂ। ਆਮ ਪਰਿਵਾਰਕ ਗੱਲਾਂ ਚੱਲ ਰਹੀਆਂ ਸਨ। ਅਚਾਨਕ ਸ਼ਿਵ ਮੈਨੂੰ ਬੋਲੇ, “ਇਕ ਗਿਲਾਸ ਪਾਣੀ ਦਾ ਲੈ ਕੇ ਆਇਓ।” ਮੈਨੂੰ ਬੜਾ ਗੁੱਸਾ ਆਇਆ, ਮੈਂ ਚੰਗਾ ਭਲਾ ਦੱਸਿਆ ਸੀ ਕਿ ਮੈਨੂੰ ਬਹੁਤ ਤੇਜ਼ ਬੁਖਾਰ ਹੈ, ਫਿਰ ਵੀ ਸਾਰਿਆਂ ਵਿਚੋਂ ਮੈਨੂੰ ਹੀ ਕਿਹਾ ਪਾਣੀ ਲੈ ਕੇ ਆ, ਇਹ ਵੀ ਕੋਈ ਗੱਲ ਹੋਈ! ਬੜੇ ਅਣਮੰਨੇ ਢੰਗ ਨਾਲ ਸ਼ਿਵ ਨੂੰ ਘੂਰਦੀ ਮੈਂ ਪਾਣੀ ਲੈਣ ਚਲੀ ਗਈ। ਜਦ ਵਾਪਸ ਆਈ ਤਾਂ ਪਤਾ ਲੱਗਾ, ਇਹ ਤਾਂ ਮੇਰੇ ਰਿਸ਼ਤੇ ਦੀ ਗੱਲ ਚਲ ਰਹੀ ਸੀ। ਸ਼ਿਵ ਨੇ ਮੈਨੂੰ ਆਪਣਾ ਜੀਵਨ ਸਾਥੀ ਚੁਣ ਲਿਆ ਹੈ, ਇਸੇ ਲਈ ਪਾਣੀ ਲੈਣ ਭੇਜਿਆ ਸੀ, ਤਾਂ ਇਸ ਗੱਲ ‘ਤੇ ਸੰਗ ਵੀ ਆਈ ਤੇ ਬਹੁਤ ਪਿਆਰ ਵੀ ਆਇਆ। ਉਦੋਂ ਵੀ ਇਹ ਨਹੀਂ ਸੀ ਪਤਾ ਕਿ ਸਾਹਮਣੇ ਬੈਠਾ ਸ਼ਖਸ ਮਹਾਨ ਸ਼ਾਇਰ ਹੈ ਤੇ ਸਭ ਤੋਂ ਛੋਟੀ ਉਮਰ ਵਿਚ ਸਾਹਿਤ ਅਕੈਡਮੀ ਦਾ ਐਵਾਰਡ ਹਾਸਲ ਕਰ ਚੁੱਕਾ ਹੈ।
ਏਡੇ ਮਹਾਨ ਸ਼ਾਇਰ ਦੀ ਪਤਨੀ ਬਣ ਕੇ ਕਦੀ ਗਰੂਰ ਨਹੀਂ ਹੋਇਆ?
-ਨਹੀਂ, ਬਿਲਕੁਲ ਨਹੀਂ। ਸ਼ਿਵ ਨੂੰ ਖੁਦ ਨੂੰ ਵੀ ਕਦੀ ਵੱਡਾ ਸ਼ਾਇਰ ਹੋਣ ਦਾ ਅਭਿਮਾਨ ਨਹੀਂ ਸੀ। ਸਾਦ ਮੁਰਾਦੀ ਜ਼ਿੰਦਗੀ। ‘ਫਲ ਨੀਵੀਆਂ ਬੇਰੀਆਂ ਨੂੰ ਲੱਗਦੇ’ ਵਾਲੀ ਗੱਲ ਸੀ। ਸ਼ਿਵ ਸਭ ਨੂੰ ਪਿਆਰ ਤੇ ਇੱਜ਼ਤ ਦਿੰਦੇ ਸਨ। ਵੱਡਾ, ਛੋਟਾ, ਅਮੀਰ-ਗਰੀਬ, ਅਫਸਰ, ਮਜ਼ਦੂਰ, ਰਿਕਸ਼ੇ ਵਾਲਾ, ਹਰ ਕਿਸੇ ਨੂੰ ਪਿਆਰ ਕਰਦੇ ਸਨ। ਇਸ ਲਈ ਲੋਕ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਲੋਕ ਮੈਨੂੰ ਵੀ ਉਨਾ ਹੀ ਪਿਆਰ ਦਿੰਦੇ ਸਨ|
ਕਦੀ ਤੁਸੀਂ ਕੋਈ ਕਵਿਤਾ ਲਿਖੀ?
-(ਖੁੱਲ੍ਹ ਕੇ ਹੱਸਦੇ ਹੋਏ) ਹਾਂ ਦੱਸਦੀ ਹਾਂ ਇਕ ਕਿੱਸਾ। ਨਵਾਂ-ਨਵਾਂ ਵਿਆਹ ਹੋਇਆ ਸੀ। ਸ਼ਿਵ ਜਦੋਂ ਕਵਿਤਾ ਲਿਖਦੇ, ਮੈਂ ਕਾਗਜ਼ ਚੁੱਕ ਕੇ ਪੜ੍ਹਨ ਲੱਗ ਪੈਂਦੀ। ਸ਼ਿਵ ਬੋਲੇ, ‘ਤੈਨੂੰ ਕੀ ਸਮਝ, ਤੂੰ ਤਾਂ ਕਦੇ ਕਵਿਤਾ ਲਿਖੀ ਨਹੀਂ!’ ਬਸ ਫਿਰ ਕੀ, ਜੋਸ਼ ਵਿਚ ਆ ਕੇ ਮੈਂ ਇਕ ਕਵਿਤਾ ਲਿਖੀ ਤੇ ਸ਼ਿਵ ਦੇ ਸਾਹਮਣੇ ਰੱਖ ਦਿੱਤੀ। ਕਵਿਤਾ ਪੜ੍ਹ ਕੇ ਅੱਖਾਂ ਦੇ ਭਰਵੱਟੇ ਚੁੱਕ ਕੇ ਬੋਲੇ, ‘ਵਾਹ ਵਾਹ! ਬੜੀ ਵਧੀਆ ਕਵਿਤਾ ਲਿਖੀ ਹੈ।’ ਮਜ਼ਾਕ ਕਰਦਿਆਂ ਬੋਲੇ, ‘ਕਿਤੇ ਲਵ-ਸ਼ਵ ਤੇ ਨਹੀਂ ਕੀਤਾ!’ ਮੈਂ ਬੋਲੀ, ‘ਕੀਤਾ ਹੈ, ਆਪਣੇ ਦਾਦੇ-ਦਾਦੀ ਨਾਲ, ਮਾਂ-ਪਿਉ ਨਾਲ ਤੇ ਇਕ ਝੱਲੇ ਸ਼ਾਇਰ ਸ਼ਿਵ ਨਾਲ।’… ਬੜੇ ਚੰਗੇ ਦਿਨ ਸਨ। ਫਿਰ ਕਦੀ ਕੋਈ ਕਵਿਤਾ ਨਹੀਂ ਲਿਖੀ। ਸੋਚਿਆ, ਘਰ ਵਿਚ ਬਸ ਇਕ ਸ਼ਾਇਰ ਹੀ ਕਾਫੀ ਹੈ।
ਸ਼ਿਵ ਦਾ ਸ਼ਾਇਰੀ ਤੋਂ ਇਲਾਵਾ ਕੋਈ ਸ਼ੌਕ?
-ਨਹੀਂ ਕੋਈ ਖਾਸ ਨਹੀਂ। ਅਸੀਂ ਆਪਸ ਵਿਚ ਤਾਸ਼ ਜ਼ਰੂਰ ਖੇਡ ਲੈਂਦੇ ਸਾਂ। ਫਿਰ ਕਵੀ ਦਰਬਾਰਾਂ, ਸਾਹਿਤ ਸਮਾਗਮਾਂ ਵਿਚ ਜਾਣਾ ਤੇ ਉਤੋਂ ਘਰ ਵਿਚ ਲੱਗਦੀਆਂ ਮਹਿਫਲਾਂ! ਫੁਰਸਤ ਕਿਥੇ ਮਿਲਦੀ ਸੀ? ਉਨ੍ਹਾਂ ਦੇ ਘਰ ਦੇ ਬੂਹੇ ਦੋਸਤਾਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਸਨ। ਆਏ-ਗਏ ਦੀ ਸੇਵਾ, ਬਹੁਤ ਖੁੱਲ੍ਹੇ ਦਿਲ ਨਾਲ ਕਰਨੀ ਸ਼ਿਵ ਦੀ ਖਾਸੀਅਤ ਸੀ| ਸ਼ਿਵ ਦੇ ਦਿਲ ਵਿਚ ਯਾਰਾਂ ਲਈ ਬਹੁਤ ਪਿਆਰ ਸੀ। ਹਰਦਿਆਲ, ਦੀਪਕ, ਚਰਨਜੀਤ ਕੌਮੀ ਆਈ.ਏ.ਐਸ਼, ਅੰਮ੍ਰਿਤਾ ਪ੍ਰੀਤਮ, ਮੋਹਣ ਸਿੰਘ, ਭੂਸ਼ਨ ਧਿਆਨਪੁਰੀ, ਐਚ.ਐਸ਼ ਭੱਟੀ…ਦੋਸਤਾਂ ਦੀ ਬੜੀ ਲੰਮੀ ਲਿਸਟ ਹੈ-ਸਾਰੇ ਇਕ-ਦੂਜੇ ਦੇ ਬਹੁਤ ਕਰੀਬ ਸਨ| ਸਾਰੀ ਸਾਰੀ ਰਾਤ ਮਹਿਫਲ ਭਖੀ ਰਹਿਣੀ। ਕੁਝ ਸੋਹਬਤ ਦਾ ਅਸਰ ਸੀ, ਕੁਝ ਸ਼ਿਵ ਨੂੰ ਖੁਦ ਪੀਣ-ਪਿਲਾਉਣ ਦਾ ਸ਼ੌਕ ਸੀ।
ਕੀ ਸ਼ਿਵ ਸਦਾ ਗੰਭੀਰ ਜਾਂ ਉਦਾਸ ਰਹਿੰਦੇ ਸਨ?
-ਨਹੀਂ, ਉਹ ਬਹੁਤ ਹਸਮੁਖ ਤੇ ਮਖੌਲੀਏ ਸਨ। ਇਨ੍ਹਾਂ ਦੇ ਮਖੌਲਾਂ ਤੇ ਚੁਟਕਲਿਆਂ ‘ਤੇ ਹਾਸੇ ਦੇ ਫੁਆਰੇ ਛੁੱਟ ਪੈਂਦੇ ਸਨ, ਮਖੌਲ ਕਿਸੇ ਦੀ ਨਿੰਦਾ-ਚੁਗਲੀ ਦੇ ਨਹੀਂ ਸਨ। (ਹੱਸਦੇ ਹੋਏ) ਇਕ ਰਾਤ ਅਮਿਤੋਜ ਤੇ ਸ਼ਿਵ ਦੀ ਮਹਿਫਲ ਲੱਗੀ। ਅਚਾਨਕ ਸ਼ਿਵ ਕਹਿਣ ਲੱਗੇ, ‘ਅਮਿਤੋਜ ਆਪਾਂ ਕੱਲ੍ਹ ਸਵੇਰੇ ਘਰ ਦੇ ਆਲੇ-ਦੁਆਲੇ ਰੰਗ-ਬਰੰਗੇ ਫੁੱਲ ਲਾਉਣੇ ਹਨ। ਇਹ ਕੰਮ ਕੱਲ੍ਹ ਸਵੇਰੇ ਆਪਾਂ ਜ਼ਰੂਰ ਕਰਨਾ। ਅਗਲੇ ਦਿਨ ਚੜ੍ਹਦੀ ਸਵੇਰ ਦੇਖਿਆ, ਅਮਿਤੋਜ ਇਕ ਰਿਕਸ਼ੇ ‘ਤੇ ਦਸ-ਬਾਰਾਂ ਫੁੱਲਾਂ ਦੇ ਗਮਲੇ ਲੱਦੀ ਆਵੇ| ਸ਼ਿਵ ਕਹਿਣ ਲੱਗੇ, ‘ਪਤੰਦਰਾ, ਅਜੇ ਦੁਕਾਨਾਂ ਤੇ ਖੁੱਲ੍ਹੀਆਂ ਨਹੀਂ, ਤੂੰ ਇਹ ਗਮਲੇ ਕਿਥੋਂ ਚੁੱਕੀ ਆਉਨਾਂ?’ ਅਮਿਤੋਜ ਬੋਲਿਆ, ‘ਸਾਰਾ ਮੁਹੱਲਾ ਫਿਰ ਆਇਆਂ, ਘਰਾਂ ਅੱਗਿਉਂ ਗਮਲੇ ਚੁੱਕ ਲਿਆਇਆਂ, ਹੋਰ ਲੱਭੇ ਨਹੀਂ।’ ਸ਼ਿਵ ਹੱਸਦਿਆਂ ਬੋਲੇ, ‘ਉਏ ਕਮਲਿਆ, ਆਂਢੀਆਂ-ਗੁਆਂਢੀਆਂ ਦੇ ਨਹੀਂ, ਬਜ਼ਾਰੋਂ ਖਰੀਦ ਕੇ ਲਿਆਉਣੇ ਨੇ ਗਮਲੇ। ਚੱਲ ਚਲੀਏ ਲੋਕਾਂ ਦੇ ਸੁੱਤੇ ਉਠਣ ਤੋਂ ਪਹਿਲਾਂ ਇਹ ਗਮਲੇ ਵਾਪਸ ਰੱਖ ਕੇ ਆਈਏ|’
ਸ਼ਿਵ ਦੀ ਕਵਿਤਾ ਦਾ ਕੋਈ ਰੰਗ?
-ਜਦੋਂ ਪ੍ਰੋਗਰਾਮਾਂ ਵਿਚ ਆਪ ਕਵਿਤਾ ਪੜ੍ਹਦੇ ਤਾਂ ਪੂਰੀ ਖਾਮੋਸ਼ੀ ਛਾਈ ਹੁੰਦੀ, ਪੱਤਾ ਵੀ ਨਾ ਹਿਲਦਾ। ਨਜ਼ਮ ਤਰੰਨੁਮ ਵਿਚ ਪੜ੍ਹਦੇ। ਮਿੱਠੀ ਆਵਾਜ਼ ਦੇ ਜਾਦੂ ਨਾਲ ਸਰੋਤੇ ਕੀਲੇ ਜਾਂਦੇ। ਪ੍ਰਬੰਧਕ ਉਨ੍ਹਾਂ ਦਾ ਟਾਈਮ ਅਖੀਰ ਵਿਚ ਰਖਦੇ ਤਾਂ ਜੋ ਲੋਕ ਜਾਣ ਨਾ, ਅੰਤ ਤੱਕ ਬੈਠੇ ਰਹਿਣ।
ਸ਼ਿਵ ਦੇ ਇਸ ਸੰਸਾਰ ਤੋਂ ਤੁਰ ਜਾਣ ਬਾਅਦ ਕਦੀ ਕੋਈ ਅਣਸੁਖਾਵੀਂ ਘਟਨਾ?
-ਇੱਕ ਵਾਰੀ ਦਿੱਲੀ ਵਿਚ ਪੰਜਾਬੀ ਅਕੈਡਮੀ ਵਲੋਂ ਫੰਕਸ਼ਨ ਹੋਇਆ। ਇਕ ਆਈ.ਏ.ਐਸ਼ ਅਫਸਰ ਬੋਲਿਆ, ‘ਸ਼ਿਵ ਦੀ ਇਕ ਮਰ ਗਈ, ਇਕ ਛੱਡ ਗਈ ਤੇ ਇਕ ਤੀਵੀਂ ਅਹੁ ਬੈਠੀ ਹੈ।’ ਮੈਂ ਕੁਝ ਨਾ ਬੋਲੀ। ਫੰਕਸ਼ਨ ਛੱਡ ਕੇ ਵਾਪਸ ਪਟਿਆਲੇ ਆ ਗਈ। ਫਿਰ ਉਹ ਸੱਜਣ ਪਟਿਆਲੇ ਆਏ ਤੇ ਮੁਆਫੀ ਮੰਗ ਕੇ ਗਏ। ਲੋਕ ਸਮਝਦੇ ਨਹੀਂ, ਸ਼ਿਵ ਲੋਕਪ੍ਰਿਅ ਸ਼ਾਇਰ ਸੀ। ਉਸ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਘੱਟ ਨਹੀਂ ਸੀ।
ਸਰਕਾਰਾਂ ਤੇ ਸਾਹਿਤ ਸਭਾਵਾਂ ਅਕਸਰ ਗੱਲਾਂ ਤਾਂ ਬਹੁਤ ਕਰਦੀਆਂ ਹਨ ਪਰ ਕਿਸੇ ਲੇਖਕ ਦੇ ਤੁਰ ਜਾਣ ‘ਤੇ ਕਰਦੀਆਂ ਕੁਝ ਨਹੀਂ। ਤੁਹਾਡਾ ਕਿਸੇ ਨੇ ਸਾਥ ਦਿੱਤਾ?
-ਸਾਰਿਆਂ ਨੇ ਆਪੋ-ਆਪਣੇ ਤੌਰ ‘ਤੇ ਸਾਥ ਦਿੱਤਾ। ਕੋਈ ਵੀ ਸਰਕਾਰ ਆਈ-ਗਿਆਨੀ ਜ਼ੈਲ ਸਿੰਘ, ਗੁਜਰਾਲ ਸਾਹਿਬ, ਬਾਦਲ ਸਾਹਿਬ; ਸਭ ਨੇ ਬਹੁਤ ਖਿਆਲ ਕੀਤਾ| ਬਾਕੀ ਸਰਕਾਰਾਂ ਕੋਲ ਟਾਈਮ ਨਹੀਂ ਹੁੰਦਾ, ਉਨ੍ਹਾਂ ਦੇ ਆਪਣੇ ਕੰਮ ਬਹੁਤ ਹੁੰਦੇ ਹਨ| ਮੈਂ ਸਿਰਫ ਇਕ ਵਾਰ ਬਾਦਲ ਸਾਹਿਬ ਨੂੰ ਕਿਹਾ-ਬਟਾਲੇ ਵਿਚ ਸ਼ਿਵ ਦੀ ਅਧੂਰੀ ਪਈ ਯਾਦਗਾਰ ਨੂੰ ਆਡੀਟੋਰੀਅਮ ਬਣਾਉਣ ਲਈ। ਉਨ੍ਹਾਂ ਝੱਟ ਮੰਨ ਲਿਆ। ਹੁਣ ਆਡੀਟੋਰੀਅਮ ਬਣ ਰਿਹਾ ਹੈ।
ਸ਼ਿਵ ਦੀ ਸ਼ਾਇਰੀ ਵਿਸ਼ਵ ਪੱਧਰ ਦੀ ਹੈ। ਵਿਸ਼ਵ ਪੱਧਰ ‘ਤੇ ਉਨ੍ਹਾਂ ਦੇ ਛਪ ਰਹੇ ਸਾਹਿਤ ਬਾਰੇ ਕੁਝ ਦੱਸੋ?
-ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਿਵ ਦੀ ਸ਼ਾਇਰੀ ਵਿਸ਼ਵ ਸਾਹਿਤ ਦੇ ਹਾਣ ਦੀ ਹੈ ਪਰ ਮੈਂ ਸਮਝਦੀ ਹਾਂ, ਵਿਸ਼ਵ ਪੱਧਰ ‘ਤੇ ਅਸੀਂ ਜ਼ਿਆਦਾ ਅਸਰਦਾਰ ਢੰਗ ਨਾਲ ਪਹੁੰਚ ਹੀ ਨਹੀਂ ਕਰ ਸਕੇ। ਸ਼ਿਵ ਦੀ ਇਕ ਕਵਿਤਾ ਜੋ ਜੀ.ਐਸ਼ ਮਾਨ ਦੀ ਅੰਗਰੇਜ਼ੀ ਵਿਚ ਤਰਜਮਾ ਕੀਤੀ ਹੈ-’ਜਿਥੇ ਇਤਰਾਂ ਦੇ ਵਗਦੇ ਨੇ ਚੋ, ਉਥੇ ਮੇਰਾ ਯਾਰ ਵੱਸਦਾ’ ਕਿਸੇ ਮੈਗਜ਼ੀਨ ਵਿਚ ਛਪੀ। ਪੜ੍ਹ ਕੇ ਸ਼ਿਕਾਗੋ ਰਹਿੰਦਾ ਕੋਈ ਅੰਗਰੇਜ਼ ਬਹੁਤ ਪ੍ਰਭਾਵਿਤ ਹੋਇਆ, ਸ਼ਿਕਾਗੋ ਤੋਂ ਪਾਕਿਸਤਾਨ ਗਿਆ। ਫਿਰ ਉਥੋਂ ਸ਼ਿਵ ਬਾਰੇ ਪੁੱਛਦਾ-ਪੁਛਾਉਂਦਾ ਪਟਿਆਲੇ ਪੁੱਜਿਆ। ਉਥੇ ਇੱਕ ਸਾਲ ਰਿਹਾ, ਪੰਜਾਬੀ ਸਿੱਖੀ, ਹੋਰ ਰਚਨਾਵਾਂ ਬਾਰੇ ਜਾਣਕਾਰੀ ਲਈ, ਹੋਰ ਬਹੁਤ ਕੁਝ ਪੜ੍ਹਿਆ। ਦੇਖੋ ਕਿਥੇ ਛਪਦਾ ਹੈ? ਹਾਂ, ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਤਾਂ ਛਪ ਹੀ ਰਿਹਾ ਹੈ।
ਸ਼ਿਵ ਦੀਆਂ ਕੁਝ ਅਣਛਪੀਆਂ ਰਚਨਾਵਾਂ ਵੀ ਹਨ?
-ਉਨ੍ਹਾਂ ਦੇ ਹੱਥ-ਲਿਖਤ ਸ਼ਿਅਰ ਮੇਰੇ ਲਈ ਕਿਸੇ ਅਨਮੋਲ ਖਜ਼ਾਨੇ ਤੋਂ ਘੱਟ ਨਹੀਂ ਹਨ| ਸੰਨ 53 ਤੋਂ ਸ਼ਿਵ ਲਿਖ ਰਹੇ ਸਨ, ਉਹ ਲਿਖਤਾਂ ਵੀ ਇਕੱਠੀਆਂ ਕੀਤੀਆਂ ਹਨ| ਕਈ ਰਚਨਾਵਾਂ ਅਣਛਪੀਆਂ ਹਨ। ਹੁਣ ਮੇਰੇ ਬੇਟੇ ਵਿਕੀ (ਮਿਹਰਬਾਨ) ਨੇ ਸਾਰੀਆਂ ਇਕੱਠੀਆਂ ਕਰ ਕੇ ‘ਚੁੱਪ ਦੀ ਆਵਾਜ਼’ ਨਾਂ ਦੀ ਕਿਤਾਬ ਵਿਚ ਛਾਪ ਦਿੱਤੀਆਂ ਹਨ।
ਵਾਰਸ ਸ਼ਾਹ ਦੀ ‘ਹੀਰ’ ਅਤੇ ਸ਼ਿਵ ਦੀ ‘ਲੂਣਾ’ ਅਨਮੋਲ ਸ਼ਾਹਕਾਰ ਹਨ| ਤੁਹਾਡਾ ਕੀ ਖਿਆਲ ਹੈ?
-ਇਹੋ ਜਿਹੇ ਸ਼ਾਇਰ ਕਦੀ-ਕਦੀ ਹੀ ਪੈਦਾ ਹੁੰਦੇ ਹਨ। ਹਰ ਇੱਕ ਦੀ ਆਪੋ-ਆਪਣੀ ਜਗ੍ਹਾ ਹੈ। ਕੋਈ ਛੋਟਾ-ਵੱਡਾ ਨਹੀਂ ਹੈ। ਦੋਹਾਂ ਨੇ ਆਪੋ-ਆਪਣੇ ਸਮੇਂ ਵਿਚ, ਆਪਣੇ ਆਪਣੇ ਢੰਗ ਨਾਲ ਪੰਜਾਬੀ ਸਾਹਿਤ ਜਗਤ ਵਿਚ ਯੋਗਦਾਨ ਪਾਇਆ ਹੈ।
ਮੇਰਾ ਖਿਆਲ ਹੈ, ਸ਼ਾਇਰ ਜੇ ਵਧੀਆ ਗਾਇਕ ਵੀ ਹੋਵੇ ਤਾਂ ਰਚਨਾ ਹੋਰ ਵੀ ਨਿਖਰ ਆਉਂਦੀ ਹੈ। ਸ਼ਿਵ, ਬੁੱਲ੍ਹੇ ਸ਼ਾਹ, ਵਾਰਸ ਵਧੀਆ ਗਾਇਕ ਵੀ ਸਨ| ਇਹ ਰੱਬੀ ਦੇਣ ਹੁੰਦੀ ਹੈ, ਇਹੋ ਜਿਹੇ ਫਨਕਾਰ ਆਪਣੀ ਧੁਨ ਵਿਚ ਮਸਤ ਹੁੰਦੇ ਹਨ। ਕਈ ਫਨਕਾਰ ਦੁਨੀਆਵੀ ਤੌਰ ‘ਤੇ ਕੋਈ ਜ਼ਿਆਦਾ ਪੜ੍ਹੇ-ਲਿਖੇ ਵੀ ਨਹੀਂ, ਫਿਰ ਵੀ ਬਾਕਮਾਲ ਸ਼ਾਇਰ, ਲੇਖਕ ਜਾਂ ਕਹਾਣੀਕਾਰ ਹਨ| ਸ਼ਿਵ ਜਾਂ ਨਾਨਕ ਸਿੰਘ ਨੇ ਕੋਈ ਪੀਐਚ.ਡੀ. ਨਹੀਂ ਸੀ ਕੀਤੀ ਪਰ ਉਨ੍ਹਾਂ ‘ਤੇ ਅੱਜਕੱਲ੍ਹ ਪੀਐਚ.ਡੀ. ਹੋ ਰਹੀ ਹੈ|
ਅੱਜ ਵੀ ਜਦੋਂ ਕੇਵਲ ਧੀਰ ਪੰਜਾਬ ਵਿਚ ਜਦੋਂ ਕਿਤੇ ਸ਼ਿਵ ਦੀ ‘ਲੂਣਾ’ ‘ਤੇ ਆਧਾਰਤ ਡਰਾਮਾ ਖੇਡਦੇ ਹਨ ਤਾਂ ਦਰਸ਼ਕਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ|
ਸ਼ਿਵ ਦੀ ਬੇਵਕਤ ਮੌਤ ਨਾਲ ਸਾਹਿਤ ਜਗਤ ਨੂੰ ਤਾਂ ਘਾਟਾ ਪਿਆ ਹੀ, ਤੁਸੀਂ ਉਸ ਵੇਲੇ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ?
-ਮੇਰੇ ਕੋਲ ਕੁਝ ਵੀ ਨਹੀਂ ਸੀ। ਸਿਰਫ 40 ਰੁਪਏ ਸਨ। ਲੋਕ ਸਮਝਦੇ ਸਨ ਕਿ ਬਹੁਤ ਕੁਝ ਹੈ। ਇਕ ਪਾਸੇ ਸ਼ਿਵ ਦਾ ਨਾਂ, ਦੂਜੇ ਪਾਸੇ ਮੇਰੀ ਛੋਟੀ ਜਿਹੀ ਦੁਨੀਆਂ! ਦਿਲ ਦੀ ਗੱਲ ਦਿਲ ਵਿਚ ਹੀ ਰੱਖੀ ਪਰ ਸ਼ਿਵ ਦਾ ਨਾਮ, ਪਿਆਰ ਤੇ ਸਤਿਕਾਰ ਬਹੁਤ ਸੀ। ਉਸ ਨੂੰ ਮੁੱਖ ਰੱਖਦਿਆਂ ਕਦੀ ਕਿਸੇ ਕੋਲ ਜਾਣ ਦੀ, ਕੁਝ ਕਹਿਣ ਦੀ ਹਿੰਮਤ ਨਾ ਪਈ। ਜੀਵਨ ਦੀ ਬੇੜੀ ਘੁੰਮਣ-ਘੇਰੀਆਂ ਵਿਚ ਡਿਕੋ-ਡੋਲੇ ਖਾਂਦੀ ਰਹੀ। ਜ਼ਿੰਦਗੀ ਦੇ ਹਾਲਾਤ ਬਾਰੇ ਲੋਕ ਬਹੁਤ ਘੱਟ ਜਾਣਦੇ ਸਨ ਪਰ ਮੈਂ ਸ਼ਾਂਤ ਰਹੀ। ਨਾਲੇ ਜ਼ਿੰਦਗੀ ਕਦੀ ਨਹੀਂ ਖਲੋਂਦੀ…ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ, ਹੌਲੀ-ਹੌਲੀ ਸਭ ਠੀਕ ਹੋ ਗਿਆ। ਲੜਕਾ ਮਿਹਰਬਾਨ ਕੈਨੇਡਾ ਹੈ। ਬੇਟੀ ਪੂਜਾ ਇਥੇ ਸ਼ਿਕਾਗੋ ਹੈ। ਸਾਰੇ ਬਹੁਤ ਖੁਸ਼ ਹਨ|
ਕੋਈ ਹੋਰ ਘਟਨਾ ਜਿਸ ਨੇ ਤੁਹਾਨੂੰ ਝੰਜੋੜਿਆ ਹੋਵੇ ਜਾਂ ਹਮੇਸ਼ਾ ਜ਼ਿਹਨ ਵਿਚ ਰਹੀ ਹੋਵੇ?
-ਸ਼ਿਵ ਨਾਲ ਗੁਜ਼ਾਰੇ ਪਲ ਤੇ ਉਸ ਦਾ ਵਿਛੋੜਾ ਤਾਂ ਹੈ ਹੀ; ਇਕ ਗੱਲ ਚੇਤੇ ‘ਚ ਮੁੜ ਮੁੜ ਉਭਰਦੀ ਹੈ। ਡਾ. ਜੀਤ ਸਿੰਘ ਸੀਤਲ (ਜਿਨ੍ਹਾਂ ਨੂੰ ਸ਼ਿਵ ਪਿਤਾ ਸਮਾਨ ਸਮਝਦੇ ਸਨ) ਦੇ ਜਦੋਂ ਵੀ ਮੈਂ ਪੈਰੀਂ ਪੈਣਾ ਕਰਨਾ ਤਾਂ ਉਨ੍ਹਾਂ ਕਹਿਣਾ, ‘ਸਦਾ ਸੁਹਾਗਣ ਰਹੋ।’ ਜਦੋਂ ਸ਼ਿਵ ਵਿਛੋੜਾ ਦੇ ਗਏ ਤੇ ਉਹ ਅਫਸੋਸ ਲਈ ਆਏ ਤਾਂ ਮੇਰੀਆਂ ਅੱਖਾਂ ਵਿਚ ਹੰਝੂ ਸਨ ਤੇ ਚਿਹਰੇ ‘ਤੇ ਸਵਾਲ। ਮੈਂ ਨਜ਼ਰਾਂ ਨਾਲ ਹੀ ਪੁੱਛਿਆ, ਤੁਸੀਂ ਤਾਂ ਕਹਿੰਦੇ ਸੀ ‘ਸਦਾ ਸੁਹਾਗਣ ਰਹੋ।’ ਉਹ ਸਮਝ ਗਏ ਤੇ ਬੋਲੇ, ‘ਜਿੰਨੀ ਦੇਰ ਤੱਕ ਦੁਨੀਆਂ ਵਿਚ ਪੰਜਾਬੀ ਰਹਿੰਦੇ ਹਨ, ਤੂੰ ਸੁਹਾਗਣ ਹੈਂ। ਸ਼ਿਵ ਲੋਕਾਂ ਦੇ ਦਿਲਾਂ ਵਿਚੋਂ ਨਹੀਂ ਨਿਕਲ ਸਕਦਾ। ਜਿੰਨਾ ਚਿਰ ਸ਼ਿਵ ਦੀ ਸ਼ਾਇਰੀ ਜ਼ਿੰਦਾ ਹੈ, ਸ਼ਿਵ ਜ਼ਿੰਦਾ ਹੈ। ਸੱਚ ਤਾਂ ਇਹ ਹੈ, ਵੀਹਵੀਂ ਸਦੀ ਦਾ ਮਹਾਨ ਸ਼ਾਇਰ ਸ਼ਿਵ ਕਦੀ ਮਰ ਹੀ ਨਹੀਂ ਸਕਦਾ। ਸ਼ਾਇਰ ਦੇ ਗੀਤ ਕਦੀ ਨਹੀਂ ਮਰਦੇ। ਸ਼ਿਵ ਮਰ ਕੇ ਵੀ ਨਹੀਂ ਮੋਇਆ ਤੇ ਤੂੰ ਵਿਧਵਾ ਹੋ ਕੇ ਵੀ ਸੁਹਾਗਣ ਹਂੈ।’
ਅਰੁਣਾ ਦੀਆਂ ਅੱਖਾਂ ਵਿਚ ਨਮੀ ਸੀ, ਕੁਝ ਚਿਰ ਚੁਪ ਰਹੇ, ਫਿਰ ਭਰੇ ਗੱਚ ਨਾਲ ਬੋਲੇ, “ਬੱਸ, ਹੁਣ ਸ਼ਿਵ ਦੀਆਂ ਯਾਦਾਂ ਹੀ ਮੇਰਾ ਸਰਮਾਇਆ ਹਨ।”
ਕਮਰੇ ਵਿਚ ਚਾਰੇ ਪਾਸੇ ਚੁੱਪ ਪਸਰੀ ਪਈ ਸੀ। ਕੁਝ ਸਮੇਂ ਦੀ ਮੁਲਾਕਾਤ ਸੀ ਪਰ ਉਨ੍ਹਾਂ ਨੂੰ ਅਲਵਿਦਾ ਕਹਿਦਿਆਂ ਇੰਜ ਲੱਗ ਰਿਹਾ ਸੀ ਜਿਵੇਂ ਬਰਸਾਂ ਤੋਂ ਜਾਣਦੇ ਹੋਈਏ। ਅਰੁਣਾ ਜੀ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ, ਫਿਰ ਆਉਣ ਦਾ ਵਾਅਦਾ ਕਰ ਕੇ ਰੁਖਸਤ ਹੋਏ| ਉਨ੍ਹਾਂ ਦੀਆਂ ਅੱਖਾਂ ਸੇਜਲ ਸਨ ਤੇ ਸਾਡੇ ਨੈਣਾਂ ਵਿਚ ਵੀ ਅਥਰੂ ਸਨ।..
VISIT TO THE MAIN PAGE:
Shiv Kumar Batalvi | Birha da Sultaan
BUY ALL SHIV KUMAR BATALVI POETRY: